ਕੈਨੇਡਾ ਰਹਿ ਕੇ ਕੌਣ ਰਾਜੀ

 By Maninder Gill (Captan ) Ig -Officialmanindergill_ 

Canada Reh ke Kaun Raji, an article by Maninder Gill (Captan ) Ig -Officialmanindergill_

ਕੈਨੇਡਾ ਰਹਿ ਕੇ ਕੌਣ ਰਾਜੀ

ਅੱਜ ਦੇ ਸਮੇਂ ਵਿੱਚ ਕਨੇਡਾ ਜਾਂ ਕਹਿ ਲਉ ਕਿ ਵਿਦੇਸ਼ ਜਾਣਾ ਇੱਕ ਪੰਜਾਬੀ ਹੀ ਨਹੀਂ ਸਗੋਂ ਹਰ ਭਾਰਤੀ ਦੀ ਦਿਲੀ ਇੱਛਾ ਬਣਦੀ ਜਾ ਰਹੀ ਹੈ। ਆਪਣੇ ਦੇਸ਼ ਵਿਚ ਰਹਿ ਕੇ ਕੋਈ ਖੁਸ਼ ਨਹੀਂ। ਇਸ ਪਿੱਛੇ ਅਕਸਰ ਕੌਣ ਜਿੰਮੇਵਾਰ ਹੈ- ਮਾਪੇ ਜਾਂ ਅਧਿਆਪਕ ਜਾਂ ਫੇਰ ਸਰਕਾਰ। ਜਦ ਕੋਈ ਬੱਚਾ ਨੌਵੀਂ ਦਸਵੀਂ ਤਕ ਪਹੁੰਚਦਾ ਹੈ ਤਾਂ ਉਸ ਦੇ ਮਨ ਵਿੱਚ ਕਨੇਡਾ ਜਾਂ ਹੋਰਾਂ ਦੇਸ਼ਾਂ ਵਿੱਚ ਜਾ ਕੇ ਵਸਣ ਦੇ ਸੁਪਨੇ ਪੈਦਾ ਹੋਣ ਲਗ ਜਾਂਦੇ ਹਨ। ਪਤਾ ਨਹੀਂ ਓਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਦਿਖਣ ਲੱਗ ਜਾਂਦਾ ਹੈ ਜਾਂ ਕਹਿ ਲਈਏ ਕਿ ਦਿਖਣ ਲਾ ਦਿੱਤਾ ਜਾਂਦਾ ਹੈ ।

ਕੀ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਤੋਂ ਤੋੜਨਾ ਸਹੀ ਹੈ ? ਜਿੱਥੇ ਉਹ ਜੰਮੇ ਪਲੇ,ਖੇਡੇ ਓਸ ਭੂਮੀ ਤੋਂ ਮੋਹ ਤੋੜਨਾ ਸਹੀ ਹੈ?

ਪਿਛਲੇ ਦਿਨੀਂ ਮੈਂ ਆਪਣੇ ਇਕ ਮਿੱਤਰ ਨੂੰ ਫੋਨ ਮਿਲਾਇਆ , ਜੋ ਤਕਰੀਬਨ ਸਾਲ ਕੁ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਅਸੀਂ ਘਰ ਬਾਰ ਦੀ ਸੁੱਖ ਸਾਂਦ ਪੁੱਛ ਕੇ ਆਪਣੇ ਬਚਪਨ ਓਹ ਦਿਨ ਯਾਦ ਕਰਨ ਲਗ ਗਏ ਕੇ ਕਿੰਨੇ ਸੋਹਣੇ ਸੀ ਓਹ ਦਿਨ ਜਦੋਂ ਕੋਈ ਫ਼ਿਕਰ ਨਹੀਂ ਸੀ ਹੁੰਦਾ ਬਸ ਹਰ ਵੇਲੇ ਖੇਡ ਹੀ ਖੇਡ। ਓਹ ਮਿੱਟੀ ਦੇ ਘਰ ,ਬੇਬੇ ਦੀ ਆਟੇ ਦੀ ਚਿੜੀ ਤੇ ਹੋਰ ਵੀ ਬਹੁਤ ਕੁਝ। ਮੇਰਾ ਦੋਸਤ ਕਹਿਣ ਲੱਗਾ ਬਾਈ ਓਹ ਦਿਨ ਵਾਪਸ ਮੁੜ ਕੇ ਨਹੀਂ ਆਉਣੇ।

ਏਦਾਂ ਗੱਲਾਂ ਕਰਦੇ ਕਰਦੇ ਅਸੀਂ ਕੈਨੇਡਾ ਦੀ ਮਜੂਦਾ ਸਥਿਤੀ ਬਾਰੇ ਗੱਲ ਕਰਨ ਲਗ ਪਏ ਕਿ ਕੰਮ ਕਾਰ ਕਿੱਦਾਂ ਨੇ। ਉਸ ਨੇ ਕਿਹਾ ਕਿ ਕੰਮ ਤਾਂ ਬਸ ਰੱਬ ਦਾ ਨਾਂ ਈ ਨੇ। ਜੋ ਬੱਚੇ ਇੱਕ ਦੋ ਸਾਲਾਂ ਤੋਂ ਇਥੇ ਰਹਿ ਰਹੇ ਹਨ ਉਹ ਤਾਂ ਕੰਮਾਂ ਤੇ ਟਿਕੇ ਹੋਏ ਨੇ ਜੋ ਨਵੇਂ ਆਏ ਨੇ ਓਹ ਤਾਂ ਵਿਚਾਰੇ ਕੰਮ ਨਾ ਮਿਲਣ ਕਰਕੇ, ਓਹਨਾਂ ਨੂੰ ਤਾਂ ਬੱਸਾਂ ਦਾ ਕਿਰਾਇਆ,ਘਰਾਂ ਦਾ ਕਿਰਾਇਆ ਹੀ ਲੈ ਡੁੱਬਦਾ ਹੈ। ਇਹ ਨਹੀਂ ਕੇ ਕੰਮ ਨਹੀਂ ਹੈ ,ਕੰਮ ਤਾਂ ਹੈ ਪਰ ਬਹੁਤ ਥੋੜ੍ਹਾ । ਕਹਿੰਦਾ ਬਾਈ ਜੇ ਤਾਂ ਤੁਹਾਨੂੰ ਕੋਈ ਜਾਣਦਾ ਹੈ ਤਾਂ ਕੰਮ ਮਿਲਣਾ ਥੋੜ੍ਹਾ ਸੌਖਾ ਹੋ ਜਾਂਦਾ ਹੈ।

ਬਾਈ ਪੰਜਾਬ ਬੈਠਿਆਂ ਨੂੰ ਈ ਕਨੇਡਾ ਆਉਣਾ ਬਲਦੀ ਅੱਗ ਵਿਚੋਂ ਨਿਕਲ ਕੇ ਕਿਸੇ ਮਾਰੂਥਲ ਦੀਆਂ ਠੰਡੀਆਂ ਹਵਾਵਾਂ ਵਾਲੀ ਧਰਤੀ ਤੇ ਆਉਣ ਵਾਂਗ ਹੀ ਹੈ ,ਪਰ ਮਾਰੂਥਲ ਦੀਆਂ ਠੰਡੀਆਂ ਹਵਾਵਾਂ ਤਾਂ ਸਭ ਨੂੰ ਦਿਖਦੀਆਂ ਨੇ ਇਸ ਵਿਚ ਹਰਿਆਲੀ ਦੀ ਘਾਟ, ਪਾਣੀ ਦੀ ਤੋੜ ਕਿਸੇ ਨੂੰ ਨਹੀਂ ਦਿਖਦੀ ਜਿਸ ਬਿਨਾ ਜਿੰਦਗੀ ਅਧੂਰੀ ਏ; ਹਾਂ ਸੱਚੀਂ ਹੈ ਤਾਂ ਇਹ ਇੱਕ ਮਾਰੂਥਲ ਹੀ । ਤੁਸੀਂ ਆਪਣੇ ਪਰਿਵਾਰ ਨੂੰ ਵੀਡੀਓ ਕਾਲਾਂ ਤੇ ਹੀ ਵੇਖ ਸਕਦੇ ਹੋ ,ਆਪਣੇ ਮਾਪਿਆਂ ਦੀ ਜੱਫੀ ਦਾ ਨਿੱਘ ਨਹੀਂ ਮਾਣ ਸਕਦੇ ,ਆਪਣੇ ਪਿੰਡ ਆਲੀ ਮੌਜ ਨਹੀਂ ਮਾਣ ਸਕਦੇ । ਬਾਈ ਏਥੇ ਕੋਈ ਦੁੱਖ ਸੁਣਨ ਵਾਲਾ ਨਹੀਂ । ਲੋਕੀਂ ਆਪੋ ਆਪਣੇ ਕੰਮਾਂ ਵਿਚ ਏਨਾ ਕ ਰੁੱਝੇ ਹੋਏ ਨੇ ਕਿ ਏਨਾ ਨੂੰ ਕੰਮ ਤੋਂ ਇਲਾਵਾ ਹੋਰ ਕੁਝ ਨਹੀਂ ਸੁਝਦਾ । ਹਾਂ ਇਹ ਗੱਲ ਤਾਂ ਨਹੀਂ ਕੇ ਤੁਸੀਂ ਪੈਸੇ ਕਮਾਉਣ ਬਾਰੇ ਸੋਚੋ ਨਾ ਪਰ ਆਪਣੇ ਪਰਿਵਾਰ ਲਈ ਸਮਾਂ ਕੱਢਣਾ ਵੀ ਤਾਂ ਇਕ ਫਰਜ ਹੈ।ਏਥੇ ਮਾਪਿਆਂ ਕੋਲ਼ ਆਪਣੇ ਖੁਦ ਦੇ ਬੱਚਿਆਂ ਲਈ ਹੀ ਸਮਾਂ ਨਹੀਂ ।ਓਹ ਬੱਚੇ ਆਪਣੇ ਮਾਪਿਆਂ ਵੱਲੋਂ ਸਿਖਾਉਣ ਵਾਲੀਆਂ ਕਦਰਾਂ ਕੀਮਤਾਂ ਤੋਂ ਵਾਂਝੇ ਰਹਿ ਜਾਂਦੇ ਨੇ , ਜੋ ਮਾਪਿਆਂ ਤੋਂ ਬਿਨਾ ਹੋਰ ਕਿਤੋਂ ਨਹੀਂ ਮਿਲ ਸਕਦੀਆਂ। ਬੱਚਿਆਂ ਨੂੰ ਘਰਾਂ ਵਿੱਚ ਕੰਮ ਕਰਨ ਵਾਲੀਆਂ ਨੌਕਰਾਣੀਆਂ ਦੇ ਸਹਾਰੇ ਛੱਡ ਦਿੱਤਾ ਜਾਂਦਾ ਹੈ ।

ਇਕ ਗੱਲ ਜੋ ਆਪਣੇ ਦੇਸ਼ ਤੋਂ ਕਹਿ ਲਓ ਕਿਤੇ ਵੱਖਰੀ ਹੈ ਓਹ ਇਹ ਹੈ ਕਿ ਬਾਈ ਇਥੋਂ ਦਾ ਮਾਹੌਲ ਬਹੁਤ ਖੁੱਲ੍ਹਾ-ਡੱਲਾ ਹੈ। ਤੁਹਾਨੂੰ ਹਰ ਕੰਮ ਦੀ ਆਜ਼ਾਦੀ ਹੈ। ਏਥੋਂ ਦੇ ਲੋਕਾਂ ਦਾ ਬੋਲਣ ਦਾ ਢੰਗ ਆਪਣੇ ਦੇਸ਼ ਨਾਲੋਂ ਕਿਤੇ ਵੱਖਰਾ ਹੈ ; ਸਭ ਇੱਕ ਦੂਜੇ ਨੂੰ ਬੜੇ ਪਿਆਰ ਤੇ ਸਲੀਕੇ ਨਾਲ ਬਲਾਉਂਦੇ ਨੇ । ਕੋਈ ਕਿਸੇ ਦੇ ਕੰਮ ਚ ਦਖਲ ਨਹੀਂ ਦਿੰਦਾ , ਕੋਈ ਕਿਸੇ ਦੇ ਘਰ ਚ ਦਖ਼ਲ ਨਹੀਂ ਦਿੰਦਾ। ਆਪਣੇ ਆਲੇ ਤਾਂ ਲੋਕਾਂ ਦੇ ਕੰਮਾਂ ਵਿੱਚ ਹੀ ਟੰਗ ਅੜਾਈ ਰੱਖਦੇ ਨੇ। ਆਪਣੇ ਦੇਸ਼ ਵਾਂਗੂੰ ਲੋਕਾਂ ਚ ਫੂੰ- ਫਾਂ ਨਹੀਂ ਏਥੇ ਬਾਈ। ਆ ਜਿਹੜੇ ਜ਼ਮੀਨਾਂ-ਜਾਇਦਾਦਾਂ ਦੇ ਹੰਕਾਰ ਨੇ ਇਹ ਤਾਂ ਬਸ ਏਅਰਪੋਰਟਾਂ ਤੱਕ ਹੀ ਰਹਿ ਜਾਂਦੇ ਨੇ । ਏਥੋਂ ਲੋਕੀਂ ਅਮੀਰ ਤੋਂ ਅਮੀਰ ਨੇ । ਇਥੇ ਬਰਾਬਰਤਾ ਏ, ਜੀਹਦੇ ਕੋਲ ਪੰਜਾਬ ਚ ਦਸ ਕਿੱਲੇ ਨੇ ਓਹ ਵੀ ਉਹੀ ਕੰਮ ਕੇ ਰਿਹਾ ਹੈ ਤੇ ਜਿਹੜੇ ਕੋਲ ਦੋ ਕਿੱਲੇ ਨੇ ਜਾਂ ਕਹਿ ਲਉ ਕਿ ਓਰਾ ਵੀ ਪੈਲੀ ਦਾ ਨਹੀਂ ਓਹ ਵੀ ਓਹੀ ਕੰਮ ਕਰਦਾ ਹੈ। ਇੱਥੇ ਕੋਈ ਕੰਮ ਕਰਨ ਚ ਸ਼ਰਮ ਮਹਿਸੂਸ ਨਹੀਂ ਕਰਦਾ । ਆਹ ਜਿਹੜੇ ਬੈਡ ਤੇ ਪਏ ਮੰਮੀ ਨੂੰ ਆਰਡਰ ਮਾਰਦੇ/ਮਾਰਦੀਆਂ ਨੇ ਕੇ ਮੰਮੀ ਰੋਟੀ ਦੇ ਕੇ ਜਾਈਂ , ਬਾਈ ਪਤਾ ਤਾਂ ਇੱਥੇ ਆ ਕੇ ਲੱਗਦਾ ਜਦੋਂ ਆਪ ਪਕਾ ਕੇ ਖਾਣੀ ਪੈਂਦੀ ਏ। ਕਈਆਂ ਦੇ ਤਾਂ ਮੈਂ ਦੇਖਿਆ ਛੇਤੀ ਛੇਤੀ ਕੰਮ ਨੂੰ ਜਾਂ ਕਾਲਜ ਨੂੰ ਤਿਆਰ ਹੋ ਕੇ ਹੱਥ ਵਿੱਚ ਖੰਡ ਆਲੀ ਰੋਟੀ ਫੜ੍ਹੀ ਹੁੰਦੀ ਏ ਤੇ ਓਹ ਵੀ ਡੁੱਲਦੀ ਜਾਂਦੀ ਹੁੰਦੀ ਐ,ਫੇਰ ਓਦੋਂ ਆਉਂਦੀ ਏ ਮਾਂ ਯਾਦ। ਜੇ ਤੁਸੀਂ ਟਿਫਨ ਲਗਵਾਉਦੇ ਹੋ ਤਾਂ ਉਹਦਾ ਅਲੱਗ ਖਰਚਾ ਹੈ ; ਜਿਆਦਾਤਰ ਬੱਚੇ ਟਿਫਨ ਲਗਵਾ ਲੈਂਦੇ ਨੇ ਕਿਉੰਕਿ ਬਹੁਤਿਆਂ ਕੋਲ ਟਾਈਮ ਹੀ ਨਹੀਂ ਕੇ ਪਕਾ ਕੇ ਖਾ ਲੈਣ ।

ਇੱਥੇ ਬੈਠਾ ਹਰ ਪ੍ਰਦੇਸੀ ਹਰ ਵੇਲੇ ਆਪਣੇ ਓਸ ਪੰਜਾਬ ਨੂੰ ਲੋਚਦਾ ਏ ਜੋ ਕਿਸੇ ਵੇਲੇ ਉਸ ਨੂੰ ਬਲਦੀ ਅੱਗ ਵਾਂਗ ਜਾਪਦਾ ਹੈ , ਤੇ ਓਹ ਬਲਦੀ ਅੱਗ ਇਥੇ ਆ ਕੇ ਸਵਰਗ ਵਾਂਗ ਜਾਪਦੀ ਹੈ। ਏਥੇ ਬੈਠੇ ਹਰਿੱਕ ਦੇ ਮੂੰਹੋਂ ਇਹੀ ਸੁਣਨ ਨੂੰ ਮਿਲਦਾ ਏ ਕਿ ਆਪਣੀ ਦੇਸ਼ ਵਰਗੀ ਮੌਜ ਹੋਰ ਕਿਤੇ ਨਹੀਂ । ਪੰਜਾਬ ਤਾਂ ਫੇਰ ਪੰਜਾਬ ਹੀ ਹੈ ਨਾ ਬਾਈ। ਇੱਥੇ ਸਭ ਕੁਝ ਕਿਰਾਏ ਤੇ ਹੈ ; ਘਰ, ਗੱਡੀਆਂ, ਬੱਸਾਂ ਦਾ ਕਿਰਾਇਆ । ਬਾਈ ਕਨੇਡਾ ਆਉਣਾ ਤਾਂ ਮੈਂ ਕਹਾਂ ਫੌਜ ਦੀ ਨੌਕਰੀ ਤੋਂ ਵੀ ਕਿਤੇ ਅੱਗੇ ਦੀ ਗੱਲ ਹੈ। ਏਥੇ ਜਿੰਮੇਵਾਰੀਆਂ ਬੰਦੇ ਨੂੰ ਬੰਨ੍ਹ ਲੈਂਦੀਆਂ ਨੇ। ਸੱਪ ਦੇ ਮੂੰਹ ਕਿਰਲੀ ਵਾਲੀ ਗੱਲ ਹੋ ਜਾਂਦੀ ਹੈ ਜੇ ਖਾਂਦਾ ਹੈ ਤਾਂ ਕੋਹੜੀ ਜੇ ਛੱਡਦਾ ਹੈ ਤਾਂ ਕਲੰਕੀ । ਆਪਾਂ ਨੂੰ ਇਕ ਜਾਲ ਵਿੱਚ ਫਸਾਇਆ ਜਾਂਦਾ ਏ, ਤੇ ਅਸੀਂ ਸਾਰੀ ਉਮਰ ਲਈ ਇਥੋਂ ਜੋਗੇ ਹੀ ਰਹਿ ਜਾਂਦੇ ਹਾਂ । ਜੇ ਕੋਈ ਪੜਾਈ ਦੇ ਤੌਰ ਤੇ ਏਥੇ ਆਉਂਦਾ ਹੈ ਤਾਂ ਅੱਗੇ ਵਰਕ ਪਰਮਿਟ ਲੈਣ ਦੀ ਚਾਹਨਾ ਹੁੰਦੀ ਹੈ । ਓਸ ਤੋਂ ਬਾਅਦ PR ਤੇ ਫੇਰ ਸਿਟੀਜਨਸ਼ਿਪ । ਫੇਰ ਕੋਈ ਚੰਗੀ ਗੱਡੀ ,ਜਾਂ ਘਰ ਲੈਣ ਬਾਰੇ ਸੋਚਦਾ ਹੈ ਤੇ ਓਹਨਾਂ ਦੀਆਂ ਕਿਸ਼ਤਾਂ ਬੰਦੇ ਨੂੰ ਬੰਨ੍ਹ ਲੈਂਦੀਆਂ ਨੇ ਅਤੇ ਅਸੀਂ ਏਥੋਂ ਜੋਗੇ ਹੀ ਰਹਿ ਜਾਂਦੇ ਹਾਂ।
ਇੱਥੇ ਤੁਹਾਨੂੰ ਸਾਰੀ ਜਿੰਦਗੀ ਕਿਸੇ ਦੇ ਥੱਲੇ ਲਗ ਕੇ ਹੀ ਕੰਮ ਕਰਨਾ ਪਵੇਗਾ । ਜੇਕਰ ਤੁਸੀਂ ਆਪਣਾ ਕੰਮ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਚੰਗਾ ਪੈਸਾ ਹੋਣਾ ਚਾਹੀਦਾ ਹੈ। ਬਾਈ ਮੈਂ ਤਾਂ ਕਹਿੰਦਾ ਹਾਂ ਹੈ ਤੁਹਾਡੇ ਕੋਲ ਚੰਗੇ ਪੈਸੇ ਹਨ ਤਾਂ ਤੁਸੀ ਆਪਣੇ ਦੇਸ਼ ਵਿੱਚ ਕੋਈ ਕੰਮ ਚਲਾ ਲਵੋ । ਬਹੁਤ ਸਾਧਨ ਨਿਕਲ ਆਉਂਦੇ ਨੇ ਕੰਮ ਕਰਨ ਦੇ । ਆਹ ਜਿਹੜੇ 30-30/40-40 ਕਿੱਲਿਆਂ ਵਾਲੇ ਵੀ ਕਨੇਡਾ ਵੱਲ ਨੂੰ ਭੱਜਦੇ ਨੇ ਓਹ ਤਾਂ ਕਹਿ ਲਓ ਬੇਵਕੂਫੀ ਹੀ ਕਰਦੇ ਨੇ ਬਾਈ । ਜਿੰਨ੍ਹਾ ਨੇ ਪਿੰਡ ਡੱਕਾ ਨੀ ਤੋੜਿਆ ਹੁੰਦਾ ਜਦੋਂ ਏਥੇ ਆ ਕੇ ਕਿਸੇ ਦੇ ਥੱਲੇ ਕੰਮ ਕਰਨਾ ਪੈਂਦਾ ਹੈ ਫੇਰ ਮਾਰਦੇ ਨੇ ਮੱਥੇ ਤੇ ਹੱਥ ਕੇ ਇਹਦੇ ਤੋਂ ਤਾਂ ਪਿੰਡ ਹੀ ਚੰਗੇ ਸੀ । ਉਹ ਮੂੰਹੋਂ ਇਹ ਗੱਲ ਤਾਂ ਨਹੀਂ ਸੀ ਕਹਿ ਰਿਹਾ ਸੀ ਪਰ ਮੈਨੂੰ ਓਹਦੀਆਂ ਗੱਲਾਂ ਚੋ ਲੱਗ ਰਿਹਾ ਸੀ ਜਿਵੇਂ ਕਹਿਣਾ ਚਾਹ ਰਿਹਾ ਹੋਵੇ ਕਿ ਕਨੇਡਾ ਰਹਿ ਕੇ ਕੌਣ ਰਾਜੀ , ਇਹ ਤਾਂ ਮਜਬੂਰੀਆਂ ਲੈ ਆਉਂਦੀਆਂ ਨੇ ਬਾਈ ਆਪਣੀ ਫੁਲਵਾੜੀ ਛੱਡਣ ਨੂੰ ਕੀਹਦਾ ਦਿਲ ਕਰਦਾ ਹੈ ।

ਹਾਂ! ਕਰਜੇ ਦੀਆਂ ਚੜੀਆਂ ਪੰਡਾਂ ਲੌਹਣ ਨੂੰ ਕਹਿ ਲਈਏ ਤਾਂ ਕਨੇਡਾ ਵਰਗਾ ਕੋਈ ਦੇਸ਼ ਨਹੀਂ । ਓਹ ਕਰਜੇ ਨੀ, ਜੋ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਂਗ ਲਏ ਹੋਣ । ਓਹ ਕਰਜੇ ; ਜੋ ਸਾਡੇ ਮਾਪਿਆਂ ਨੇ ਸਾਡੇ ਪੜਾਉਣ ਲਈ ਚੱਕੇ ਜਾਂ ਓਹਨਾਂ ਨੂੰ ਕਿਸੇ ਮਜਬੂਰੀ ਵੱਸ ਚਕਣੇ ਪਏ। ਅਸੀਂ ਦਿਨ ਰਾਤ ਕੰਮ ਕਰ ਕੇ ਮਾਪਿਆਂ ਦੇ ਕਮਾਈ ਦਾ ਮੁੱਲ ਅਸਾਨੀ ਨਾਲ ਤਾਰ ਸਕਦੇ ਹਾਂ ਏਥੇ। ਕੰਮਾਂ ਦੀ ਮੰਨ ਸਕਦੇ ਹਾਂ ਕਿ ਘਾਟ ਜਰੂਰ ਹੈ ਪਰ ਬੰਦਾ ਹਿੰਮਤ ਨਾ ਹਾਰੇ ਤਾਂ ਕੰਮ ਮਿਲ ਵੀ ਜਾਂਦਾ ਐ । ਟੱਕਰਾਂ ਬਹੁਤ ਮਾਰਨੀਆਂ ਪੈਂਦੀਆਂ ਨੇ ਕੰਮ ਲੱਭਣ ਲਈ । ਇਕ ਵਾਰ ਬਗਾਨੀ ਧਰਤੀ ਤੇ ਆ ਕੇ ਪੈਰ ਜਮਾਉਣੇ ਔਖੇ ਤਾਂ ਲਗਦੇ ਨੇ ।

ਬਾਈ ਕਨੇਡਾ ਬਹੁਤ ਲੋਕਾਂ ਲਈ ਵਰਦਾਨ ਵਾਂਗ ਸਾਬਤ ਹੁੰਦਾ ਹੈ ਪਰ ਸੱਚ ਕਹਾਂ ਤਾਂ ਉਹਨਾਂ ਲਈ ਜੋ ਮਿਹਨਤ ਕਰਨ ਦੇ ਸ਼ੌਂਕੀ ਹੁੰਦੇ ਨੇ ਤੇ ਕੰਮ ਕਰਨ ਤਾਂਘ ਹੁੰਦੀ ਹੈ। ਬਾਈ ਕਨੇਡਾ ਆ ਕੇ ਬੰਦਾ ਸਿੱਖਦਾ ਬਹੁਤ ਕੁਝ ਹੈ , ਬੰਦਾ ਪੈਰਾਂ ਤੇ ਹੋ ਜਾਂਦਾ । ਜਿਹੜੇ ਲੋਕ ਇੱਥੇ ਇੱਕਲੇ ਆਉਂਦੇ ਨੇ ਉਹ ਬੜ੍ਹੀਆਂ ਚੀਜਾਂ ਸਿੱਖਦੇ ਨੇ ; ਕਿ ਇਕੱਲਾ ਰਹਿਣਾ ਕਿਵੇਂ ਸਿੱਖਣਾ , ਲੋਕਾਂ ਵਿਚ ਵਿਚਰਨਾ ਕਿਵੇਂ ਹੈ । ਬਈ ਮੇਰੀ ਤਾਂ ਆਪਣੇ ਰਿਸਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਹਮੇਸ਼ਾ ਏਹੀ ਸਲਾਹ ਹੁੰਦੀ ਹੈ ਕਿ ਤੁਸੀਂ ਇਕ ਵਾਰ ਜਰੂਰ ਆਉ ਕਿਉਂਕਿ ਇੱਥੇ ਆ ਕੇ ਬੰਦੇ ਨੂੰ ਪੈਸੇ ਦੀ ਕੀਮਤ ਪਤਾ ਲੱਗਦੀ ਹੈ ,ਜਿੰਦਗੀ ਜਿਉਣ ਦਾ ਅਸਲੀ ਢੰਗ ਪਤਾ ਲੱਗ ਜਾਂਦਾ ਹੈ ।

ਮਨਿੰਦਰ ਸਿੰਘ ਗਿੱਲ (ਕੈਪਟਨ)

ਕਾਲੇਕੇ (ਮੋਗਾ)

98556-67116

1 Comment

  1. ਬਿਲਕੁਲ ਸਹੀ… ਜਿਸਨੇ ਕਰਨਾ ਉਸ ਲਈ ਸਭ ਕੁਝ ਹੈ ਇਹ ਵੀ ਐ ਕਿ ਹੁਣ ਕਨੇਡਾ ਪਹਿਲਾਂ ਵਰਗਾ ਨਹੀਂ ਰਿਹਾ ਪਰ ਜੇ ਬੰਦਾ ਚਾਹਵੇ ਤਾਂ ਅਜੇ ਵੀ ਇਸ ਨਾਲ ਦੀ ਰੀਸ ਨਹੀਂ… ਫਰਕ ਪੈਂਦਾ ਹੈ ਕਿ ਤੁਸੀ ਕਿਸ ਤਰ੍ਹਾਂ ਦੇ ਹਲਾਤ ਹੰਢਾ ਚੁੱਕੇ ਹੋ ਤੇ ਉਹ ਸੁਧਾਰਨਾ ਚਾਹੁੰਦੇ ਹੋ ਜਾਂ ਫਿਰ ਅਜੇ ਵੀ ਮਿਹਨਤ ਦੀ ਬਜਾਏ ਕਿਸਮਤ ਜਾਂ ਰੱਬ ਨੂੰ ਕੋਸਣਾ ਐ…

    Reply

Submit a Comment

Your email address will not be published. Required fields are marked *

error: Content is protected !!

Pin It on Pinterest

Share This